ਪਟਿਆਲਾ : ਦਿਨੋਂ-ਦਿਨ ਥੱਲੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ‘ਤੇ ਜ਼ੋਰ ਦਿੰਦਿਆਂ ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੱਦੂ ਕਰ ਕੇ ਝੋਨੇ ਦੀ ਪਨੀਰੀ ਲਾਉਣ ਦੇ ਰਵਾਇਤੀ ਢੰਗ ਦੀ ਥਾਂ ਝੋਨੇ ਦੀ ਸਿੱਧੀ ਬਿਜਾਈ ਵਾਲੀ ਤਕਨੀਕ ਨੂੰ ਅਪਣਾਉਣ। ਉਨਾਂ ਕਿਹਾ ਸਿੱਧੀ ਬਿਜਾਈ ਨਾਲ ਝੋਨੇ ਦੀ ਕਾਸ਼ਤ ਸਮੇਂ ਪਾਣੀ ਦੀ ਬੁਹਤ ਘੱਟ ਖਪਤ ਹੁੰਦੀ ਹੈ ਅਤੇ ਝਾੜ ‘ਚ ਵੀ ਵਾਧਾ ਹੁੰਦਾ ਹੈ।
ਇਸ ਉਦੇਸ਼ ਲਈ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ੍ਰੀ ਗੈਂਦ ਦੀ ਪੇ੍ਰਰਣਾ ਸਦਕਾ ਤਿਆਰ ਕਰਵਾਈ ਐੱਲਈਡੀ ਲੱਗੀ ਜਾਗਰੂਕਤਾ ਵੈਨ ਨੂੰ ਅੱਜ ਡਵੀਜ਼ਨਲ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੈਨ ‘ਚ ਝੋਨੇ ਦੀ ਸਿੱਧੀ ਬਿਜਾਈ ਸਫ਼ਲਤਾਪੂਰਵਕ ਕਰਨ ਵਾਲੇ ਕਿਸਾਨਾਂ ਦੇ ਤਜਰਬੇ ਸਾਂਝੇ ਕੀਤੇ ਗਏ ਹਨ।
ਇਸ ਮੌਕੇ ਚੰਦਰ ਗੈਂਦ ਨੇ ਕਿਹਾ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ, ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਤੇ ਧਰਤੀ ਹੇਠਲੇ ਪਾਣੀ ਬਚਾਉਣ ਲਈ ਨਵੀਂਆਂ ਤਕਨੀਕਾਂ ਬਾਰੇ ਜਾਗਰੂਕ ਕਰ ਰਹੀ ਹੈ। ਉਨ੍ਹਾਂ ਕਿਹਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਲਈ ਹੋਰਨਾਂ ਉਪਰਾਲਿਆਂ ਦੇ ਨਾਲ-ਨਾਲ ਝੋਨੇ ਦੀ ਸਿੱਧੀ ਬਿਜਾਈ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਸਫ਼ਲਤਾ ਪੂਰਵਕ ਕਰਨ ਵਾਲੇ ਤੇ ਪ੍ਰਧਾਨ ਮੰਤਰੀ ਐਵਾਰਡੀ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਦੀ ਉਦਾਰਹਣ ਦਿੰਦਿਆਂ ਕਿਹਾ ਕਿ ਕਿਸਾਨ, ਖੇਤਾਂ ‘ਚ ਵੱਟਾਂ ਪਾ ਕੇ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਜਿਸ ਨਾਲ ਕਿ ਧਰਤੀ ਹੇਠਲੇ ਪਾਣੀ ਸਮੇਤ ਵਾਤਾਵਰਣ ਵੀ ਬਚੇਗਾ ਅਤੇ ਨਾਲ ਹੀ ਫ਼ਸਲ ਦਾ ਝਾੜ ਵੀ ਵਧੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਕ ਜਾਗਰੂਕਤਾ ਵੈਨ ਜ਼ਿਲ੍ਹੇ ਦੀਆਂ ਮੰਡੀਆਂ ਸਮੇਤ 40 ਪਿੰਡਾਂ ਦਾ ਦੌਰਾ ਕਰੇਗੀ ਤੇ ਜਲਦ ਹੀ 3 ਵੈਨਾਂ ਹੋਰ ਵੀ ਰਵਾਨਾ ਕੀਤੀਆਂ ਜਾਣਗੀਆਂ। ਉਨਾਂ੍ਹ ਦੱਸਿਆ ਕਿ ਮੰਡੀਆਂ ‘ਚ ਵੱਡੀਆਂ ਸਕਰੀਨਾਂ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਪੰਜਾਬ ਫਾਰਮ, ਨਾਭਾ ਵਿਖੇ 12 ਅਪ੍ਰਰੈਲ ਮੰਗਲਵਾਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ, ਜਿਸ ‘ਚ ਐੱਮਐੱਲਏ ਨਾਭਾ ਗੁਰਦੇਵ ਸਿੰਘ ਮਾਨ ਸਮੇਤ ਡਵੀਜ਼ਨਲ ਕਮਿਸ਼ਨਰ ਤੇ ਉਹ ਖ਼ੁਦ ਵੀ ਸ਼ਾਮਲ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰਰੀਤ ਸਿੰਘ ਥਿੰਦ, ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵੰਤ ਰਾਏ, ਭੂਮੀ ਪਰਖ ਅਫ਼ਸਰ ਡਾ. ਸ਼ੇਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।