April 17, 2022 –
ਕੇਜਰੀਵਾਲ ਦੀ ਮੁਫ਼ਤ ਬਿਜਲੀ ਦੀ ਗਰੰਟੀ ਬਣੀ ਹਕੀਕਤ,
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ
ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ
ਉਦਯੋਗਿਕ ਅਤੇ ਵਪਾਰਕ ਬਿਜਲੀ ਕੁਨੈਕਸ਼ਨਾਂ ਦੀਆਂ ਦਰਾਂ ਵਿੱਚ ਕੋਈ ਵਾਧਾ ਨਾ ਕਰਨ ਦਾ ਐਲਾਨ
31 ਦਸੰਬਰ, 2021 ਤੱਕ 2 ਕਿਲੋਵਾਟ ਤੱਕ ਲੋਡ ਵਾਲੇ ਪਰਿਵਾਰਾਂ ਲਈ ਕੋਈ ਬਿਜਲੀ ਬਿੱਲ ਨਹੀਂ
ਦਿੱਲੀ ਤੋਂ ਬਾਅਦ ਮੁਫ਼ਤ ਬਿਜਲੀ ਦੇਣ ਵਾਲਾ ਪੰਜਾਬ ਦੂਜਾ ਸੂਬਾ
ਪੀ.ਐਸ.ਟੀ.ਸੀ.ਐਲ. ਦੇ 718 ਨਵੇਂ ਭਰਤੀ ਅਧਿਕਾਰੀਆਂ/ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਪੰਜਾਬ ਵਿੱਚ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ।
ਅੱਜ ਇੱਥੇ ਮਿਉਂਸਪਲ ਭਵਨ ਸੈਕਟਰ 35 ਵਿਖੇ ਪੀ.ਐਸ.ਟੀ.ਸੀ.ਐਲ ਦੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ (ਪੀ.ਐਸ.ਟੀ.ਸੀ.ਐਲ.) ਦੇ ਨਵੇਂ ਭਰਤੀ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਘਰ ਨੂੰ ਹਰ ਦੋ ਮਹੀਨੇ ਬਾਅਦ 600 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ।। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਸੈਕਟਰ ਲਈ ਮੁਫ਼ਤ ਬਿਜਲੀ ਜਾਰੀ ਰੱਖਣ ਤੋਂ ਇਲਾਵਾ ਉਦਯੋਗਿਕ ਅਤੇ ਵਪਾਰਕ ਯੂਨਿਟਾਂ ਦੀਆਂ ਦਰਾਂ ਵਿੱਚ ਵੀ ਵਾਧਾ ਨਹੀਂ ਕੀਤਾ ਜਾਵੇਗਾ।
ਭਗਵੰਤ ਮਾਨ ਨੇ 31 ਦਸੰਬਰ 2021 ਤੱਕ 2 ਕਿਲੋਵਾਟ ਲੋਡ ਤੱਕ ਦੇ ਬਿੱਲ ਮੁਆਫ ਕਰਨ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕਾਂ ਨੂੰ ਮੁਫਤ ਬਿਜਲੀ ਦੇਣ ਵਾਲਾ ਪੰਜਾਬ ਦਿੱਲੀ ਤੋਂ ਬਾਅਦ ਦੂਜਾ ਸੂਬਾ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਗਲਤ ਸਮਝੌਤਿਆਂ ਕਾਰਨ ਲੋਕਾਂ ਨੂੰ ਹਾਲੇ ਤੱਕ ਮੁਫ਼ਤ/ਸਸਤੀ ਬਿਜਲੀ ਦੇਣ ਦੇ ਸਮਰੱਥ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ, ‘‘ਲੋਕਾਂ ਨੂੰ ਸਸਤੀ ਅਤੇ ਮੁਫ਼ਤ ਬਿਜਲੀ ਮੁਹੱਈਆ ਕਰਵਾਉਣ ਵਿੱਚ ਅਜੇ ਵੀ ਕੁਝ ਅੜਚਣਾਂ ਹਨ ਜਿਵੇਂ ਕਿ ਟਰਾਂਸਮਿਸ਼ਨ ਘਾਟੇ, ਕੋਲੇ ਦੇ ਮੁੱਦੇ ਅਤੇ ਕੁਝ ਕਾਨੂੰਨੀ ਮੁੱਦੇ ਜਿਨ੍ਹਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਸਰਕਾਰ ਕੰਮ ਕਰ ਰਹੀ ਹੈ।’’
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਵਪਾਰਕ ਅਤੇ ਉਦਯੋਗਿਕ ਖੇਤਰਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਨੂੰ ਪੂਰਾ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਪੀ.ਐੱਸ.ਟੀ.ਸੀ.ਐੱਲ. ਦੇ ਸਥਾਪਨਾ ਦਿਵਸ `ਤੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਸੂਬੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਆਪਣਾ ਯੋਗਦਾਨ ਪਾਉਣ ਵਾਸਤੇ ਅੱਗੇ ਆਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਇੱਕ ਮਹੀਨੇ ਦੀਆਂ ਵੱਡੀਆਂ ਪ੍ਰਾਪਤੀਆਂ ਵੀ ਗਿਣਾਈਆਂ ਜਿਸ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ, ਗੈਂਗਸਟਰ ਵਿਰੋਧੀ ਟਾਸਕ ਫੋਰਸ, 25000 ਨਵੀਆਂ ਨੌਕਰੀਆਂ ਦਾ ਐਲਾਨ, ਘਰਾਂ ਤੱਕ ਰਾਸ਼ਨ ਪਹੁੰਚਾਉਣ, 35000 ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਇਕ ਵਿਧਾਇਕ ਇੱਕ ਪੈਨਸ਼ਨ ਆਦਿ ਸ਼ਾਮਲ ਹੈ।
ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪਰਵਾਸੀ ਭਾਰਤੀ ਆਪਣੀ ਮਾਤ ਭੂਮੀ ਪ੍ਰਤੀ ਪਿਆਰ ਦਾ ਮੁੱਲ ਮੋੜਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਸਰਕਾਰ ਸਿਰਫ਼ ਇੱਕ ਮਹੀਨੇ ਵਿੱਚ ਹੀ ਪਰਵਾਸੀ ਭਾਰਤੀਆਂ ਦਾ ਭਰੋਸਾ ਬਣਾਉਣ ਵਿੱਚ ਕਾਮਯਾਬ ਹੋਈ ਹੈ। ਮੁੱਖ ਮੰਤਰੀ ਨੇ ਕਿਹਾ, ‘ਪਰਵਾਸੀ ਭਾਰਤੀ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੀ ਸਰਕਾਰ ਤੱਕ ਪਹੁੰਚ ਕਰ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਪੈਸਾ ਸਹੀ ਅਰਥਾਂ ਵਿੱਚ ਵਿਕਾਸ ਦੇ ਉਦੇਸ਼ਾਂ ਲਈ ਖ਼ਰਚਿਆ ਜਾਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਨਵੇਂ ਭਰਤੀ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਵਾਗਤ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਪੀ.ਐਸ.ਟੀ.ਸੀ.ਐਲ. ਦੀ ਟਰਾਂਸਮਿਸ਼ਨ ਸਮਰੱਥਾ 2021 ਵਿੱਚ 38160 ਦੇ ਮੁਕਾਬਲੇ 2022 ਵਿੱਚ 39588 ਤੱਕ ਵਧਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪੰਚਵਾੜਾ ਕੋਲਾ ਖਾਣ ਜੋ ਕਿ ਸਾਲ 2015 ਤੋਂ ਬੰਦ ਪਈ ਸੀ, ਵਿੱਚੋਂ ਹੁਣ ਪਾਣੀ ਕੱਢਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਮੌਜੂਦਾ ਸਾਲ ਵਿੱਚ ਪੰਜਾਬ ਨੂੰ ਇਸ ਥਾਂ ਤੋਂ ਕੋਲਾ ਮਿਲਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਲਈ ਕੋਲੇ ਦੇ ਖਰਚੇ ਨੂੰ ਘਟਾਉਣ ਵਾਸਤੇ ਨੇੜਲੀਆਂ ਉੱਤਰੀ ਭਾਰਤ ਦੀਆਂ ਕੋਲਾ ਖਾਣਾਂ ਤੋਂ ਕੋਲਾ ਪ੍ਰਾਪਤ ਕਰਨ ਲਈ ਕੋਲ ਇੰਡੀਆ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜਿਸ ਵਿੱਚ ਰਾਜਪੁਰਾ ਥਰਮਲ ਪਾਵਰ ਪਲਾਂਟ ਲਈ 28 ਲੱਖ ਟਨ ਅਤੇ ਤਲਵੰਡੀ ਥਰਮਲ ਪਾਵਰ ਪਲਾਂਟ ਲਈ 10 ਲੱਖ ਟਨ ਸ਼ਾਮਲ ਹੈ।
ਪੀ.ਐਸ.ਟੀ.ਸੀ.ਐਲ. ਨੇ ਅੱਜ ਏ.ਈ./ਇਲੈਕਟ੍ਰੀਕਲ, ਏ.ਈ./ਸਿਵਲ, ਏ.ਐਮ/ਐਚ.ਆਰ, ਏ.ਐਮ/ਆਈ.ਟੀ, ਅਕਾਊਂਟ ਅਫਸਰ, ਜੇ.ਈ./ਸਬ-ਸਟੇਸ਼ਨ, ਜੇ.ਈ./ਸਿਵਲ, ਜੇ.ਈ./ਸੰਚਾਰ ਡਿਵੀਜ਼ਨਲ ਅਕਾਊਂਟੈਂਟ, ਐਲ.ਡੀ.ਸੀ./ਅਕਾਊਂਟੈਂਟਸ, ਐਲ.ਡੀ.ਸੀ./ਟਾਈਪਿਸਟ, ਸਹਾਇਕ ਸਬ-ਸਟੇਸ਼ਨ ਅਟੈਂਡੈਂਟ (ਏ.ਐਸ.ਐਸ.ਏ.), ਸਹਾਇਕ ਲਾਈਨਮੈਨ (ਏ.ਐਲ.ਐਮ.) ਆਦਿ ਅਸਾਮੀਆਂ ਲਈ 718 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ।