ਜ਼ਿੰਮੇਵਾਰੀ ਤੋਂ ਪੱਲਾ ਛੁਡਾਉਣ ਲੱਗੇ ਅਧਿਕਾਰੀ: Patiala News

 Patiala News:ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ’ਤੇ ਪ੍ਰਸ਼ਾਸਨ ਵੱਲੋਂ ਖਰਚੇ 9 ਕਰੋੜ ਦਾ ਮਾਮਲਾ ਉਜਾਗਰ ਹੋਣ ਤੋਂ ਬਾਅਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਜ਼ਿੰਮੇਵਾਰੀ ਤੋਂ ਪੱਲਾ ਛੁਡਾਉਣ ਲੱਗੇ ਹਨ। ਕਰੋੜਾਂ ਰੁਪਏ ਖ਼ਰਚਣ ਤੋਂ ਬਾਅਦ ਵੀ ਝੀਲ ਵਿਚ ਸਾਫ਼ ਪਾਣੀ ਦੀ ਥਾਂ ਗੰਦਗੀ ਦਾ ਰਾਜ ਹੈ। ਹੁਣ ਪਹਿਲੀ ਨਜ਼ਰੇ ਦੇਖਣ ’ਚ ਇਹ ਵਿਰਾਸਤੀ ਝੀਲ ਲੱਗਦੀ ਹੀ ਨਹੀਂ।

ਜ਼ਿੰਮੇਵਾਰੀ ਤੋਂ ਪੱਲਾ ਛੁਡਾਉਣ ਲੱਗੇ ਅਧਿਕਾਰੀ: Patiala News

ਝੀਲ ਦੇ ਇਸ ਹਾਲ ਬਾਰੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਪੀਡਬਲਿਊਡੀ ਦੇ ਐਸਡੀਓ ਮਯੰਕ ਕਾਂਸਲ ਨੇ ਕਿਹਾ ਕਿ ਸਾਡਾ ਕੰਮ ਆਲ਼ੇ ਦੁਆਲੇ ਪੱਥਰ ਲਗਾ ਕੇ ਰਸਤਾ ਬਣਾਉਣਾ ਸੀ, ਦੀਵਾਰ ਬਣਾਉਣਾ ਸੀ, ਫੁਆਰੇ ਲਗਾਉਣਾ ਸੀ। ਇਸ ਤੋਂ ਇਲਾਵਾ ਜੋ ਵੀ ਕੰਮ ਸਾਡੇ ਜ਼ਿੰਮੇ ਲਗਾਇਆ ਗਿਆ ਸੀ ਉਹ ਅਸੀਂ ਪੂਰਾ ਕਰਕੇ ਨਗਰ ਨਿਗਮ ਦੇ ਹਵਾਲੇ ਕਰ ਦਿੱਤਾ, ਝੀਲ ਅੰਦਰ ਦਾ ਕੰਮ ਸਿੰਚਾਈ ਵਿਭਾਗ ਨੇ ਕਰਨਾ ਸੀ। ਸਿੰਚਾਈ ਵਿਭਾਗ ਦੇ ਐਸਡੀਓ ਚੇਤਨ ਗੁਪਤਾ ਨੇ ਕਿਹਾ ਕਿ ਸਾਡਾ ਕੰਮ ਝੀਲ ਵਿਚ ਪਾਣੀ ਛੱਡਣਾ ਸੀ, ਪਾਣੀ ਅਸੀਂ ਪੂਰਾ ਛੱਡਿਆ ਹੋਇਆ ਹੈ, ਝੀਲ ਵਿਚ ਕਬਾੜ ਜੰਮਿਆ ਹੋਣ ਕਰਕੇ ਇੱਥੇ ਫੁਆਰੇ ਨਹੀਂ ਚੱਲ ਸਕਦੇ ਨਾ ਹੀ ਝੀਲ ਅੰਦਰ ਕਿਸ਼ਤੀਆਂ ਚਲਾਈਆਂ ਜਾ ਸਕਦੀਆਂ ਹਨ। ਇਹ ਕੰਮ ਸਾਡਾ ਨਹੀਂ ਹੈ, ਝੀਲ ਦੀ ਸਫ਼ਾਈ ਕਰਨਾ ਪੀਡਬਲਿਊਡੀ ਤੇ ਨਗਰ ਨਿਗਮ ਦਾ ਹੈ। ਇਸ ਬਾਰੇ ਨਗਰ ਨਿਗਮ ਦੇ ਕਮਿਸ਼ਨਰ ਕੇਸ਼ਵ ਹਿੰਗੋਨੀਆ (ਆਈਏਐਸ) ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਵਿਚ ਲੱਗੀ ਖ਼ਬਰ ਤੋਂ ਬਾਅਦ ਅਸੀਂ ਬਾਹਰਲੇ ਰਸਤਿਆਂ ਦੀ ਸਾਫ਼ ਸਫ਼ਾਈ ਕਰਵਾ ਦਿੱਤੀ ਹੈ। ਪਰ ਪਾਣੀ ਪਾਉਣਾ, ਫੁਹਾਰੇ ਚਲਾਉਣਾ ਤੇ ਝੀਲ ਦੀ ਅੰਦਰੋਂ ਸਫ਼ਾਈ ਕਰਾਉਣਾ ਸਾਡਾ ਕੰਮ ਨਹੀਂ ਹੈ ਇਹ ਕੰਮ ਪੀ ਡਬਲਿਊ ਡੀ ਤੇ ਸਿੰਚਾਈ ਵਿਭਾਗ ਦਾ ਹੈ। ਸਾਫ਼ ਹੈ ਕਿ ਸਾਰੇ ਵਿਭਾਗਾਂ ਦੇ ‌ਅਧਿਕਾਰੀ ਝੀਲ ਪ੍ਰਤੀ ਜ਼ਿੰਮੇਵਾਰੀ ਦੂਜਿਆਂ ’ਤੇ ਸੁੱਟ ਰਹੇ ਹਨ, ਲਿਹਾਜ਼ਾ ਵਿਰਾਸਤੀ ਰਾਜਿੰਦਰਾ ਝੀਲ ਬਾਰੇ ਕੋਈ ਅਧਿਕਾਰੀ ਗੰਭੀਰ ਨਹੀਂ ਹੈ। 

ਪਟਿਆਲਾ ਸ਼ਹਿਰ ਦੇ ਮਾਮਲਿਆਂ ’ਤੇ ਬਾਜ਼ ਅੱਖ ਰੱਖਣ ਵਾਲੇ ‘ਆਪ’ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਰਾਜਿੰਦਰਾ ਝੀਲ ’ਤੇ 9 ਕਰੋੜ ਰੁਪਏ ਦੇ ਕਰੀਬ ਖ਼ਰਚੇ ਗਏ ਹਨ, ਪਰ ਫਿਰ ਵੀ ਇਹ  ਆਮ ਲੋਕਾਂ ਦੀ ਖਿੱਚ ਦਾ ਕੇਂਦਰ ਨਹੀਂ ਬਣੀ, ਇਸ ਵਿਚ ਨਾ ਤਾਂ ਕਿਸ਼ਤੀਆਂ ਚਲਾਈਆਂ ਗਈਆਂ ਨਾ ਹੀ ਇਸ ਵਿਚ ਫੁਹਾਰੇ ਚੱਲੇ, ਪਹਿਲੇ ਨਜ਼ਰੇ ਲੱਗਦਾ ਹੈ ਕਿ ਇਸ ਵਿਚ ਵੱਡਾ ਘਪਲਾ ਹੋਇਆ ਹੈ, ਇਸ ਦੀ ਅਸੀਂ ਜਾਂਚ ਕਰਾਵਾਂਗੇ। 

ਜ਼ਿੰਮੇਵਾਰ ਅਧਿਕਾਰੀਆਂ ਖਿ਼ਲਾਫ਼ ਕਾਰਵਾਈ ਕਰਾਂਗੇ: ਕੋਹਲੀ

ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਹੈ ਕਿ ਮੈਂ ਕੱਲ੍ਹ ਹੀ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਰਿਹਾ ਹਾਂ। ਕੌਣ ਜ਼ਿੰਮੇਵਾਰ ਹੈ ਉਸ ਦਾ  ਨਿਰਣਾ ਕੀਤਾ ਜਾਵੇਗਾ, ਦੇਰੀ ਲਈ ਜੋ ਵੀ ਜ਼ਿੰਮੇਵਾਰ ਹੈ ਉਸ ਦਾ ਵੀ ਨੋ‌ਟਿਸ ਲਿਆ ਜਾਵੇਗਾ। ਇਸ ਵਿਚ ਜੇਕਰ ਸਾਨੂੰ ਕੋਈ ਘਪਲਾ ਹੋਣ ਦਾ ਸ਼ੱਕ ਹੋਇਆ ਤਾਂ ਉਸ ਦੀ ਵੀ ਜਾਂਚ ਕਰਾਵਾਂਗੇ।

ਰੀਵਿਊ ਕਰਵਾ ਰਹੇ ਹਾਂ: ਡੀਸੀ 

ਪਟਿਆਲਾ ਦੇ ਨਵ ਨਿਯੁਕਤ ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਹ ਇਸ ਬਾਰੇ ਸਾਰਾ ਰੀਵਿਊ ਕਰਾਉਣਗੇ। ਸਾਰੇ ਵਿਭਾਗਾਂ ਨਾਲ ਗੱਲ ਕਰਕੇ ਇਹ ਸਪਸ਼ਟ ਕਰਨਗੇ ਕਿ ਆਖ਼ਰ ਇਹ ਝੀਲ ਲੋਕਾਂ ਦੇ ਖਿੱਚ ਦਾ ਕੇਂਦਰ ਕਿਉਂ ਨਹੀਂ ਬਣੀ।

Leave a Reply

Your email address will not be published. Required fields are marked *