ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਲੀਹ ‘ਤੇ ਆਉਣ ਲੱਗੀਆਂ-ਡਾ. ਵਿਜੇ ਸਿੰਗਲਾ
- ਬਨਣਗੇ 16000 ਮੁਹੱਲਾ ਕਲੀਨਿਕ, ਹਰ ਨਾਗਰਿਕ ਲਈ ਸਿਹਤ ਕਾਰਡ ਤੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਹੋਵੇਗੀ ਅਪਗ੍ਰੇ
- ਸਿਹਤ ਸੇਵਾਵਾਂ ‘ਚ ਕ੍ਰਾਂਤੀਕਾਰੀ ਸੁਧਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਤਰਜੀਹ-ਡਾ. ਵਿਜੇ ਸਿੰਗਲਾ
- ਪੰਜਾਬ ਦੇ ਮੈਡੀਕਲ ਸਿੱਖਿਆ ਤੇ ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਆਪਣੇ ਡੈਂਟਲ ਕਾਲਜ ‘ਚ ਪੁੱਜੇ ਡਾ. ਵਿਜੇ ਸਿੰਗਲਾ ਦਾ ਭਰਵਾਂ ਸਵਾਗਤ
|
Mohalla Clinics to be opened in Punjab: Punjab News |
Punjb News, 28 ਮਾਰਚ 2022:
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਮੈਡੀਕਲ ਢਾਂਚਾ ਅਤੇ ਸਿਹਤ ਸੇਵਾਵਾਂ ਲੀਹ ‘ਤੇ ਆਉਣ ਲੱਗੀਆਂ ਹਨ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਸਿਹਤ ਸੇਵਾਵਾਂ ‘ਚ ਕ੍ਰਾਂਤੀਕਾਰੀ ਸੁਧਾਰ ਸ੍ਰੀ ਭਗਵੰਤ ਮਾਨ ਦੀ ਮੁਢਲੀ ਤਰਜੀਹ ਹੈ, ਜਿਸ ਲਈ 16 ਹਜ਼ਾਰ ਮੁਹੱਲਾ ਕਲੀਨਿਕ ਬਣਾ ਕੇ ਹਰ ਨਾਗਰਿਕ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਈਆਂ ਜਾਣਗੀਆਂ ਅਤੇ ਮੈਡੀਕਲ ਕਾਲਜਾਂ ‘ਚ ਫੈਕਲਟੀ, ਸਿਵਲ ਹਸਪਤਾਲਾਂ ‘ਚ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਮਲੇ ਅਤੇ ਦਵਾਈਆਂ ਆਦਿ ਦੀ ਘਾਟ ਅਗਲੇ 6 ਮਹੀਨਿਆਂ ‘ਚ ਪੂਰੀ ਕੀਤੀ ਜਾਵੇਗੀ।
ਸਰਕਾਰੀ ਡੈਂਟਲ ਕਾਲਜ ਪਟਿਆਲਾ ਦੇ 1988 ਬੈਚ ਦੇ ਵਿਦਿਆਰਥੀ ਡਾ. ਵਿਜੇ ਸਿੰਗਲਾ ਨੇ ਆਪਣੇ ਕਾਲਜ ਤੇ ਹਸਪਤਾਲ ਦੇ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ। ਆਪਣੇ ਕਾਲਜ ਦਿਨਾਂ ਦੀਆਂ ਯਾਦਾਂ ਭਾਵੁਕਤਾ ਨਾਲ ਸਾਂਝੀਆਂ ਕਰਦਿਆਂ ਡਾ. ਸਿੰਗਲਾ ਨੇ ਆਪਣੇ ਅਧਿਆਪਕਾਂ ਅਤੇ ਸਹਿਪਾਠੀਆਂ, ਜਿਨ੍ਹਾਂ ‘ਚੋਂ ਕੁਝ ਇਸ ਸਮੇ ਮੌਜੂਦ ਸਨ, ਦਾ ਉਚੇਚਾ ਜ਼ਿਕਰ ਕੀਤਾ। ਡੈਂਟਲ ਕਾਲਜ ਦੀ ਪ੍ਰਿੰਸੀਪਲ ਡਾ. ਜੀਵਨ ਲਤਾ ਵੱਲੋਂ ਕੈਬਨਿਟ ਮੰਤਰੀ ਦੇ ਸਨਮੁੱਖ ਰੱਖੀਆਂ ਮੰਗਾਂ ਬਾਬਤ ਡਾ. ਸਿੰਗਲਾ ਨੇ ਕਿਹਾ ਕਿ ਫੈਕਲਟੀ ਤੇ ਹੋਸਟਲ ਸਮੇਤ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।
ਡੈਂਟਲ ਕਾਲਜ ‘ਚ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਮਗਰੋਂ ਡਾ. ਸਿੰਗਲਾ ਨੇ ਸਰਕਾਰੀ ਮੈਡੀਕਲ ਕਾਲਜ, ਰਾਜਿੰਦਰਾ ਹਸਪਤਾਲ ਦੀ ਕੈਥ ਲੈਬ ਸਮੇਤ ਸਰਕਾਰੀ ਆਯੁਰਵੈਦਿਕ ਕਾਲਜ ਵਿਖੇ ਪ੍ਰਦਾਨ ਕੀਤੀਆਂ ਜਾਂਦੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਇਸ ਸਮੇਂ ਡਾ. ਵਿਜੇ ਸਿੰਗਲਾ ਦੀ ਸੁਪਤਨੀ ਡਾ. ਅਨੀਤਾ ਸਿੰਗਲਾ, ਪਟਿਆਲਾ ਤੋਂ ਵਿਧਾਇਕ ਡਾ. ਬਲਬੀਰ ਸਿੰਘ ਅਤੇ ਅਜੀਤਪਾਲ ਸਿੰਘ ਕੋਹਲੀ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਵੀ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਮਰਹੂਮ ਰਾਸ਼ਟਰਪਤੀ ਅਬਦੁਲ ਕਲਾਮ ਦੀਆਂ ਸੁਪਨਿਆਂ ਬਾਬਤ ਕਹੇ ਸ਼ਬਦਾਂ ਨੂੰ ਦੁਹਰਾਉਂਦਿਆਂ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਸਮੇਤ ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਰਾਜਨੇਤਾ ਨਹੀਂ ਹੈ ਪਰੰਤੂ ਉਨ੍ਹਾਂ ਨੇ ਸਮਾਜ ਸੇਵਾ ਦਾ ਸੁਪਨਾ 30 ਵਰ੍ਹੇ ਪਹਿਲਾਂ ਇਸੇ ਕਾਲਜ ਦੇ ਸਮਾਗਮ ‘ਚ ਪੁੱਜੇ ਤਤਕਾਲੀ ਸਿਹਤ ਮੰਤਰੀ ਨੂੰ ਦੇਖ ਕੇ ਲਿਆ ਸੀ। ਜਿਸ ਕਰਕੇ ਉਨ੍ਹਾਂ ਨੇ ਡੈਂਟਲ ਸਰਜਨ ਵਜੋਂ ਚੰਡੀਗੜ੍ਹ ਜਾਂ ਕਿਸੇ ਵੱਡੇ ਸ਼ਹਿਰ ‘ਚ ਪ੍ਰੈਕਟਿਸ ਕਰਨ ਦੀ ਥਾਂ ਮਾਨਸਾ ਵਿਖੇ ਆਪਣੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ।
ਮੈਡੀਕਲ ਸਿੱਖਿਆ ਤੇ ਸਿਹਤ ਖੇਤਰ ‘ਚ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਪ੍ਰਤੀ ਅਫ਼ਸੋਸ ਪ੍ਰਗਟਾਉਂਦਿਆਂ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਾਸੀਆਂ ਨੇ ਇਨਕਲਾਬ ਲਿਆਕੇ ਹੰਕਾਰੀ ਲੋਕਾਂ ਦਾ ਹੰਕਾਰ ਤੋੜਿਆ ਹੈ, ਉਸੇ ਤਰਜ ‘ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਮੈਡੀਕਲ ਖੇਤਰ ਨੂੰ ਪਾਇਲਟ ਪ੍ਰਾਜੈਕਟ ਵਜੋਂ ਲੈਕੇ ਸਿਹਤ ਸੇਵਾਵਾਂ ਦੇ ਖੇਤਰ ‘ਚ ਇਨਕਲਾਬ ਲਿਆਉਣ ਦਾ ਤਹੱਈਆ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਵਿਜੇ ਸਿੰਗਲਾ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ, ਫਰੀਦਕੋਟ ਅਤੇ ਅੰਮ੍ਰਿਤਸਰ ‘ਚ ਸੁਪਰ-ਸਪੈਸ਼ਲਿਟੀ ਬ੍ਰਾਂਚਾਂ ਨੂੰ ਹੋਰ ਵੀ ਬਿਹਤਰ ਬਣਾਉਣ ਸਮੇਤ ਟਰਸ਼ਰੀ ਤੇ ਸੈਕੰਡਰੀ ਕੇਅਰ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਕੰਮ ਕਰਨ ਲਈ ਭੈਅ ਮੁਕਤ ਵਾਤਾਵਰਣ ਮੁਹੱਈਆ ਕਰਵਾਇਆ ਗਿਆ ਹੈ ਅਤੇ ਬਦਲੀਆਂ ਲਈ ਆਨਲਾਈਨ ਪ੍ਰਣਾਲੀ ਅਪਣਾਈ ਜਾਵੇਗੀ। ਸਰਕਾਰੀ ਡਾਕਟਰਾਂ ਨੂੰ ਨਿਜੀ ਪ੍ਰੈਕਟਿਸ ਤੋਂ ਗੁਰੇਜ਼ ਕਰਨ ਲਈ ਆਖਦਿਆਂ ਡਾ. ਸਿੰਗਲਾ ਨੇ ਕਿਹਾ ਕਿ ਡਾਕਟਰਾਂ ਨੂੰ ਹੁਣ ਸਿਵਲ ਸਰਜਨ, ਡਾਇਰੈਕਟਰ ਹੈਲਥ ਜਾਂ ਸਿਹਤ ਮੰਤਰੀ ਨੂੰ ਕੁਝ ਦੇਣ ਦੀ ਲੋੜ ਨਹੀਂ, ਜਿਸ ਲਈ ਉਹ ਆਪਣੇ ਸਰਕਾਰੀ ਹਸਪਤਾਲ ਅਤੇ ਮਰੀਜਾਂ ਨੂੰ ਹੀ ਵੱਧ ਤੋਂ ਵੱਧ ਸਮਾਂ ਦੇਣ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦਾ ਪਟਿਆਲਾ ਵਿਖੇ ਪੁੱਜਣ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐਸ.ਐਸ.ਪੀ. ਡਾ. ਸੰਦੀਪ ਗਰਗ ਨੇ ਸਵਾਗਤ ਕੀਤਾ ਅਤੇ ਜ਼ਿਲ੍ਹਾ ਪੁਲਿਸ ਦੀ ਟੁਕੜੀ ਨੇ ਡਾ. ਵਿਜੇ ਸਿੰਗਲਾ ਨੂੰ ਗਾਰਡ ਆਫ਼ ਆਨਰ ਭੇਟ ਕਰਕੇ ਸਲਾਮੀ ਦਿੱਤੀ। ਇਸ ਮੌਕੇ ਡਾਇਰੈਕਟਰ ਮੈਡੀਕਲ ਐਜ਼ੂਕੇਸ਼ਨ ਡਾ. ਅਵਨੀਸ਼ ਕੁਮਾਰ, ਸੰਯੁਕਤ ਡਾਇਰੈਕਟਰ ਡਾ. ਪੁਨੀਤ ਗਿਰਧਰ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਜੀ.ਡੀ.ਸੀ. ਦੇ ਵਾਇਸ ਪ੍ਰਿੰਸੀਪਲ ਡਾ. ਹਰਿੰਦਰ ਗੁਪਤਾ, ਐਸ.ਡੀ.ਐਮ. ਚਰਨਜੀਤ ਸਿੰਘ, ਐਸ.ਪੀ. ਸਿਟੀ ਹਰਪਾਲ ਸਿੰਘ, ਡੀ.ਐਸ.ਪੀ. ਮੋਹਿਤ ਅਗਰਵਾਲ ਸਮੇਤ ਡੈਂਟਲ ਕਾਲਜ ਦੇ ਸਾਬਕਾ ਪ੍ਰਿੰਸੀਪਲ, ਫੈਕਲਟੀ ਦੇ ਪੁਰਾਣੇ ਅਤੇ ਮੌਜੂਦਾ ਮੈਂਬਰਾਂ ਤੋਂ ਇਲਾਵਾ ਵਿਦਿਆਰਥੀ ਵੀ ਮੌਜੂਦ ਸਨ। ਮੰਚ ਸੰਚਾਲਨ ਡਾ. ਨਵਜੋਤ ਸਿੰਘ ਖੁਰਾਣਾ ਅਤੇ ਡਾ. ਜਸਪ੍ਰੀਤ ਟਿਵਾਣਾ ਨੇ ਕੀਤਾ।