Tripuri ਬਹਾਵਲਪੁਰ ਬਰਾਦਰੀ ਇਸ ਵਾਰ ਕਾਂਗਰਸ ਤੇ ਭਾਰੀ: Patiala News

ਇਸ ਵਾਰ ਲੋਕ ਵੱਖੋ ਵੱਖਰੀਆਂ ਪਾਰਟੀਆਂ ਨੂੰ ਵੋਟਾਂ ਪਾਉਣਗੇ: ਪ੍ਰਧਾਨ ਦਿਨੇਸ਼ ਕੁਮਾਰ ਚਾਵਲਾ

Tripuri Patiala News
Tripuri Patiala News

Patiala News:ਪਟਿਆਲਾ ਦਿਹਾਤੀ ਹਲਕੇ ਵਿੱਚ ਬਹਾਵਲਪੁਰ ਬਰਾਦਰੀ ਇਸ ਵਾਰ ਕਾਂਗਰਸੀ ਉਮੀਦਵਾਰ ਮੋਹਿਤ ਮਹਿੰਦਰਾ ਦੀਆਂ ਗਿਣਤੀਆਂ ਮਿਣਤੀਆਂ ਵਿਗਾੜੇਗੀ, ਕਿਉਂਕਿ ਬਹਾਵਲਪੁਰ ਸਮਾਜ ਦੇ ਆਗੂ ਦਾਅਵਾ ਕਰਦੇ ਹਨ ਕਿ ਉਨ੍ਹਾਂ 22 ਹਜ਼ਾਰ ਤੋਂ ਵੱਧ ਵੋਟ ਪਟਿਆਲਾ ਦਿਹਾਤੀ ਵਿੱਚ ਹੈ ਅਤੇ ਇਹ ਬਰਾਦਰੀ ਹਰ ਚੋਣ ਵਿੱਚ ਕਾਂਗਰਸ ਨਾਲ ਹੀ ਚੱਲਦੀ ਆਈ ਹੈ, ਇਸ ਵਾਰ ਬਰਾਦਰੀ ਕਾਂਗਰਸ ਤੋਂ ਖ਼ਫ਼ਾ ਹੈ।

20 ਸਾਲਾਂ ਤੋਂ Tripuri ਮਾਰਕੀਟ ਦੇ ਪ੍ਰਧਾਨ ਚਲੇ ਆ ਰਹੇ ਭਗਵਾਨ ਦਾਸ ਚਾਵਲਾ ਨੇ ਕਿਹਾ ਕਿ ਉਹ ਹਮੇਸ਼ਾਂ ਕਾਂਗਰਸ ਨੂੰ ਹੀ ਵੋਟਾਂ ਪਾਉਂਦੇ ਆਏ ਹਨ ਪਰ ਇਸ ਵਾਰ ਉਨ੍ਹਾਂ ਦਾ ਮਨ ਬਦਲਿਆ ਹੈ ਕਿਉਂਕ‌ਿ ਪਿਛਲੇ ਸਮੇਂ ਵਿੱਚ ਕਾਂਗਰਸ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਉਨ੍ਹਾਂ ਸ਼ਰੇਆਮ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੰਜੀਵ ਬਿੱਟੂ ਨੂੰ ਵੋਟ ਹੀ ਨਹੀਂ ਸਗੋਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਐਲਾਨ ਵੀ ਕੀਤਾ।

ਇਸੇ ਤਰ੍ਹਾਂ ਬਹਾਵਲਪੁਰ ਸਮਾਜ ਦੇ ਬਹਾਵਲਪੁਰ ਬਰਾਦਰੀ ਵੈੱਲਫੇਅਰ ਫਾਊਂਡੇਸ਼ਨ ਦੇ ਪ੍ਰਧਾਨ ਦਿਨੇਸ਼ ਕੁਮਾਰ ਚਾਵਲਾ ਨੇ ਕਿਹਾ ਕਿ ਇਸ ਵਾਰ ਸਾਡੇ ਸਮਾਜ ਦੇ ਲੋਕ ਵੱਖੋ ਵੱਖਰੀਆਂ ਪਾਰਟੀਆਂ ਨੂੰ ਵੋਟਾਂ ਪਾਉਣਗੇ, ਜਿਵੇਂ ਪਹਿਲਾਂ ਹੁੰਦਾ ਸੀ ਕਿ ਭਾਵੇਂ ਕੋਈ ਵੀ ਉਮੀਦਵਾਰ ਹੋਵੇ ਤਾਂ ਉਹ ਵੋਟ ਹਮੇਸ਼ਾ ਹੀ ਕਾਂਗਰਸ ਨੂੰ ਪਾਉਂਦੇ ਸਨ। ਉਨ੍ਹਾਂ ਕਿਹਾ,‘ਸਾਡੀ ਚਿਰਾਂ ਦੀ ਕਾਂਗਰਸ ਕੋਲ ਮੰਗ ਚਲੀ ਆ ਰਹੀ ਹੈ ਕਿ ਬਹਾਵਲਪੁਰ ਸਮਾਜ ਦਾ ਇਕ ਬੋਰਡ ਬਣਾਇਆ ਜਾਵੇ ਤਾਂ ਕਿ ਸਾਡੀਆਂ ਮੁਸ਼ਕਲਾਂ ਹੱਲ ਹੋ ਸਕਣ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ।’ ਇਸੇ ਤਰ੍ਹਾਂ ਬਹਾਵਲਪੁਰ ਸਮਾਜ ਭਲਾਈ ਸੰਸਥਾ ਦੇ ਜਨਰਲ ਸਕੱਤਰ ਜਤਿਨ ਸਿੰਧੀ ਦਾ ਕਹਿਣਾ ਸੀ ਕਿ Bahawalpur Palace ਦੀਆਂ ਚਾਬੀਆਂ ਬਹਾਵਲਪੁਰ ਸਮਾਜ ਨੂੰ ਸੌਂਪੀਆਂ ਜਾਣ।

ਉਨ੍ਹਾਂ ਕਿਹਾ ਕਿ ਸਾਡੇ ਨਾਲ ਕਾਂਗਰਸ ਨੇ ਮਾੜਾ ਕੀਤਾ ਇਸ ਕਰਕੇ ਸਾਡਾ ਸਮਾਜ ਇਸ ਵਾਰ ਕਾਂਗਰਸ ਤੋਂ ਥੋੜ੍ਹਾ ਨਾਰਾਜ਼ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬਹਾਵਲਪੁਰ ਸਮਾਜ ਦੇ ਵੱਡੀ ਗਿਣਤੀ ਲੋਕਾਂ ਨਾਲ ਸਮਾਜ ਦੀ ਲੀਡਰ  Sarita Gera Patiala ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿੱਚ ਸੁਖਬੀਰ ਬਾਦਲ ਨੇ ਖ਼ੁਦ ਸ਼ਾਮਲ ਕੀਤਾ ਸੀ। ਇਸੇ ਤਰ੍ਹਾਂ Shankar Lal Khurana ਤਾਂ ਸ਼ਰੇਆਮ ਆਮ ਆਦਮੀ ਪਾਰਟੀ ਨਾਲ ਚੱਲ ਰਿਹਾ ਹੈ ਤੇ ਪ੍ਰਚਾਰ ਵੀ ਖੁੱਲ੍ਹ ਕੇ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ 60 ਫ਼ੀਸਦੀ ਬਹਾਵਲਪੁਰ ਸਮਾਜ ਆਮ ਆਦਮੀ ਪਾਰਟੀ ਵੱਲ ਹੀ ਭੁਗਤੇਗਾ।

Leave a Reply

Your email address will not be published. Required fields are marked *