ਭਾਦਸੋਂ : ਹਲਕਾ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ’ਚ ਉਦੋਂ ਭਾਰੀ ਵਾਧਾ ਹੋ ਗਿਆ ਜਦੋਂ ਡੇਰਾ ਸਿਰਸਾ ਦੇ ਬਠਿੰਡਾ ਨੇੜੇ ਸਲਾਬਤਪੁਰਾ ਵਿਖੇ ਹੋਏ ਇਕ ਸਮਾਗਮ ’ਚ ਭਾਗ ਲੈਣ ਕਰਕੇ ਪਿੰਡ ਮੱਲ੍ਹੇਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਗਤਾਂ ਨੇ ਇਕ ਮਤਾ ਪਾ ਕੇ ਉਨ੍ਹਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰ ਦਿੱਤਾ।
ਇਸ ਤੋਂ ਪਹਿਲਾਂ ਵੀ ਹਲਕੇ ਦੇ ਕਈ ਦਰਜਨ ਟਕਸਾਲੀ ਤੇ ਸੀਨੀਅਰ ਆਗੂ ਜਲ ਸ੍ਰੋਤ ਨਿਗਮ ਦੇ ਸੂਬਾਈ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਧਰਮਸੋਤ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਪਾਰਟੀ ਆਬਜ਼ਰਵਰ ਕੋਲ ਜਤਾ ਚੁੱਕੇ ਹਨ। ਪਿੰਡ ਮੱਲੇਵਾਲ ਦੀ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਵਿਦਵਾਨ ਬਾਬਾ ਦਰਸ਼ਨ ਸਿੰਘ ਮੱਲ੍ਹੇਵਾਲ ਦੇ ਪੁੱਤਰ ਗੁਰਬਚਨ ਸਿੰਘ ਬਿੱਲੂ ਨੇ ਮਤਾ ਪੜ੍ਹ ਕੇ ਸੁਣਾਇਆ ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਵੱਲੋਂ ਡੇਰਾ ਸਿਰਸਾ ਨਾਲ ਸਮਾਜਿਕ ਸਾਂਝ ਨਾ ਰੱਖਣ ਦੇ ਹੁਕਮਾਂ ਦਾ ਪਾਲਣ ਕਰਨ ਲਈ ਉਹ ਬੀਤੇ ਦਿਨੀਂ ਡੇਰਾ ਸਮਾਗਮ ’ਚ ਪੁੱਜੇ ਵਿਧਾਇਕ ਸਾਧੂ ਸਿੰਘ ਦਾ ਅੱਜ ਤੋਂ ਬਾਅਦ ਮੁਕੰਮਲ ਬਾਈਕਾਟ ਕਰਨਗੇ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀ ਤੇ ਪਿੰਡ ਦੇ ਮੋਹਤਬਰ ਵਿਧਾਇਕ ਦਾ ਪਿੰਡ ਮੱਲੇਵਾਲ ’ਚ ਕੀਤੇ ਜਾਣ ਵਾਲੇ ਹਰੇਕ ਸਮਾਗਮ ’ਚ ਸਖ਼ਤ ਵਿਰੋਧ ਕਰਨਗੇ। ਮਤੇ ’ਚ ਇਹ ਵੀ ਕਿਹਾ ਗਿਆ ਕਿ ਹੋਰ ਕੋਈ ਵੀ ਲੀਡਰ ਡੇਰਾ ਸਿਰਸਾ ਨਾਲ ਸਾਂਝ ਰੱਖੇਗਾ ਤਾਂ ਪਿੰਡ ਵਾਸੀਆਂ ਵੱਲੋਂ ਉਸਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਵਿਧਾਇਕ ਸਾਧੂ ਸਿੰਘ ਧਰਮਸੋਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਿੰਡ ਮੱਲ੍ਹੇਵਾਲ ਦੀ ਗੁਰਦੁਆਰਾ ਕਮੇਟੀ ਦੇ ਫ਼ੈਸਲੇ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।