ELECTIONS News-Punjab ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪ ਅਤੇ ਅਕਾਲੀ ਦਲ ਦਾ ਸਫਾਇਆ ਕਰ ਦੇਣ ਦਾ ਸੱਦਾ Admin November 27, 2021November 27, 20211 min readWrite a Comment on ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪ ਅਤੇ ਅਕਾਲੀ ਦਲ ਦਾ ਸਫਾਇਆ ਕਰ ਦੇਣ ਦਾ ਸੱਦਾ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਪਿੱਛੇ ਪ੍ਰਧਾਨ ਮੰਤਰੀ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਹੱਥ : ਮੁੱਖ ਮੰਤਰੀ ਬਰਨਾਲਾ ਜ਼ਿਲ੍ਹੇ ਲਈ 75 ਕਰੋੜ ਦਾ ਐਲਾਨ, ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਨੂੰ ਸਰਬਪੱਖੀ ਵਿਕਾਸ ਲਈ ਮਿਲਣਗੇ 25-25 ਕਰੋੜ ਰੁਪਏ ਮਹਿਲ ਕਲਾਂ ਨੂੰ ਸਬ-ਡਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਬਰਨਾਲਾ, 27 ਨਵੰਬਰ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਅਤੇ ਅਕਾਲੀ ਦਲ ਦਾ ਸਫਾਇਆ ਕਰ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਪੰਜਾਬ ਦੇ ਹਿੱਤਾਂ, ਭਾਵੇਂ ਉਹ ਖੇਤੀਬਾੜੀ, ਉਦਯੋਗ ਜਾਂ ਆਮ ਆਦਮੀ ਦਾ ਮੁੱਦਾ ਹੋਵੇ, ਨੂੰ ਢਾਹ ਲਾਉਣ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦਾ ਹੱਥ ਹੈ। ਇੱਥੇ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਕਿਹਾ ਕਿ ਉਹ ਅਜਿਹੇ ਦੋਗਲੇ ਸਿਆਸਤਦਾਨਾਂ ਦੀ ਸ਼ਨਾਖਤ ਕਰਨ ਜੋ ਭਾਵਨਾਤਮਕ ਤੌਰ `ਤੇ ਉਨ੍ਹਾਂ ਦਾ ਸ਼ੋਸ਼ਣ ਕਰਨ `ਤੇ ਤੁਲੇ ਹੋਏ ਹਨ। `ਆਪ` ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੱਤਾ ਵਿੱਚ ਆਉਣ `ਤੇ ਸੂਬੇ ਦੀ ਹਰੇਕ 18 ਸਾਲ ਤੋਂ ਵੱਧ ਉਮਰ ਦੀ ਮਹਿਲਾ ਨੂੰ 1000 ਪ੍ਰਤੀ ਮਹੀਨਾ ਦੇਣ ਸਬੰਧੀ ਵੱਡੇ-ਵੱਡੇ ਦਾਅਵੇ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਦੀ ਨਿੰਦਾ ਕਰਦਿਆਂ ਉਨ੍ਹਾਂ ਨੇ ਕੇਜਰੀਵਾਲ ਨੂੰ ਤੱਥਾਂ ਅਤੇ ਅੰਕੜਿਆਂ ਨਾਲ ਸਾਹਮਣੇ ਆਉਣ ਦੀ ਚੁਣੌਤੀ ਦਿੱਤੀ ਕਿ ਉਨ੍ਹਾਂ ਨੇ ਦਿੱਲੀ ਵਿੱਚ ਕਿੰਨੀਆਂ ਔਰਤਾਂ ਨੂੰ ਇਹ ਰਾਹਤ ਦਿੱਤੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਫੀ ਸੂਝਵਾਨ ਹਨ ਅਤੇ ਉਹ ਇਸ ਵਾਰ ਉਸ ਦੇ ਝੂਠੇ ਵਾਅਦਿਆਂ ਨਾਲ ਧੋਖਾ ਨਹੀਂ ਖਾਣਗੇ ਕਿਉਂਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦੀ ਕਾਰਗੁਜ਼ਾਰੀ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ, ਜੋ ਇਸ ਤੱਥ ਤੋਂ ਸਪੱਸ਼ਟ ਹੈ ਕਿ 20 ਵਿੱਚੋਂ 11 `ਆਪ` ਵਿਧਾਇਕਾਂ ਨੇ ਪਹਿਲਾਂ ਹੀ ਦੂਜੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਪ੍ਰਵਾਸੀ ਪੰਜਾਬੀਆਂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਇਹ ਖੋਖਲੇ ਦਾਅਵਿਆਂ ਵਾਲੀ ਪਾਰਟੀ ਹੈ ਜਿਸਦਾ ਸੂਬੇ ਦੇ ਮੁੱਖ ਮੁੱਦਿਆਂ ਨਾਲ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਨਹੀਂ। ਮੁੱਖ ਮੰਤਰੀ ਚੰਨੀ ਨੇ ਕੇਜਰੀਵਾਲ ਨੂੰ ਇਹ ਵੀ ਦੱਸਣ ਲਈ ਕਿਹਾ ਕਿ ਦਿੱਲੀ ਵਿੱਚ ਕਿੰਨੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੀ ਸਹੂਲਤ ਮਿਲੀ ਹੈ ਜਾਂ ਖੇਤੀਬਾੜੀ ਖੇਤਰ ਵਿੱਚ ਮੁਫ਼ਤ ਬਿਜਲੀ ਮਿਲ ਰਹੀ ਹੈ। ਉਨ੍ਹਾਂ ਨੇ ਕੇਜਰੀਵਾਲ ਵੱਲੋਂ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਦੁਆਰਾ ਹਾਲ ਹੀ ਵਿੱਚ ਲਏ ਗਏ ਲੋਕ ਪੱਖੀ ਫੈਸਲਿਆਂ ਨੂੰ ਲਾਗੂ ਨਾ ਕਰਨ ਬਾਰੇ ਗਲਤ ਜਾਣਕਾਰੀ ਫੈਲਾ ਕੇ ਗੈਰ-ਜ਼ਿੰਮੇਵਾਰਾਨਾ ਬਿਆਨ ਦੇਣ ਦਾ ਵੀ ਦੋਸ਼ ਲਗਾਇਆ। ਦਿੱਲੀ ਦੇ ਮੁੱਖ ਮੰਤਰੀ ਦੇ ਝੂਠੇ ਦਾਅਵਿਆਂ ਦਾ ਵਿਰੋਧ ਕਰਦਿਆਂ ਚੰਨੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਮੌਜੂਦਾ ਕੀਮਤਾਂ ਤੋਂ ਇਲਾਵਾ ਉਨ੍ਹਾਂ ਦੇ ਰਾਜ ਵਿੱਚ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਨੂੰ ਸਪਲਾਈ ਕੀਤੀ ਜਾ ਰਹੀ ਬਿਜਲੀ ਦੀਆਂ ਦਰਾਂ ਬਾਰੇ ਦੱਸਣ, ਜੋ ਕਿ ਪੰਜਾਬ ਨਾਲੋਂ ਕਿਤੇ ਵੱਧ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਲੋਕਾਂ ਨੂੰ ਸਸਤੀਆਂ ਦਰਾਂ `ਤੇ ਪੈਟਰੋਲ/ਡੀਜ਼ਲ ਅਤੇ ਬਿਜਲੀ ਮਿਲ ਰਹੀ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ `ਤੇ ਨਿਸ਼ਾਨਾ ਸੇਧਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਂਦਰ ਵੱਲੋਂ ਕਾਲੇ ਕਾਨੂੰਨ ਬਣਾਉਣ ਦੇ ਮਾਮਲੇ `ਚ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਸਮੇਤ ਪਿਓ-ਪੁੱਤ ਦੀ ਅਹਿਮ ਭੂਮਿਕਾ ਰਹੀ ਹੈ ਕਿਉਂਕਿ ਅਕਾਲੀ ਦਲ ਨੇ ਹੀ ਪੰਜਾਬ ਵਿਧਾਨ ਸਭਾ ਵਿੱਚ ਕੰਟਰੈਕਟ ਫਾਰਮਿੰਗ ਐਕਟ-2013 ਪਾਸ ਕਰਕੇ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਦੀ ਨੀਂਹ ਰੱਖੀ ਸੀ ਜਿਸ ਲਈ ਉਹ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਨ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ। ਮੁੱਖ ਮੰਤਰੀ ਚੰਨੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਹ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਧਮਕੀਆਂ ਦੇਣ ਤੋਂ ਗੁਰੇਜ਼ ਕਰਨ ਕਿਉਂਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਮੁੱਖ ਮੰਤਰੀ ਚੰਨੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਅਕਾਲੀ ਆਗੂ ਖੁਦ ਨੂੰ ਅਤੇ ਆਪਣੇ ਪਾਰਟੀ ਵਰਕਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਉਨ੍ਹਾਂ ਦੀ ਸਰਕਾਰੀ ਰਿਹਾਇਸ਼ `ਤੇ ਪ੍ਰਦਰਸ਼ਨ ਕਰਨ ਦੀਆਂ ਖੇਡੀਆਂ ਜਾ ਰਹੀਆਂ ਚਾਲਾਂ ਦੇ ਦਬਾਅ ਵਿੱਚ ਨਹੀਂ ਆਉਣਗੇ। ਉਨ੍ਹਾਂ ਨੇ ਅਕਾਲੀਆਂ ਨੂੰ ਆਪਣੇ ਦਹਾਕੇ ਲੰਬੇ ਕੁਸ਼ਾਸਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਨਾ ਮੁਆਫ਼ੀਯੋਗ ਕਾਰਵਾਈਆਂ ਤੋਂ ਇਲਾਵਾ ਨਸ਼ਾ, ਟਰਾਂਸਪੋਰਟ ਅਤੇ ਕੇਬਲ ਮਾਫ਼ੀਏ ਦੇ ਵਧਣ-ਫੁੱਲਣ ਜਿਹੀਆਂ ਘਟੀਆ ਕਾਰਵਾਈਆਂ ਦੇ ਦੋਸ਼ਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ, ਜਿਸ ਨਾਲ ਉਨ੍ਹਾਂ ਨੇ ਰਾਜ ਦੇ ਸਰੋਤਾਂ ਨੂੰ ਵੱਡੀ ਢਾਹ ਲਾਉਂਦਆਂ ਆਪਣੀਆਂ ਜੇਬਾਂ ਭਰੀਆਂ।ਉਨ੍ਹਾਂ ਕਿਹਾ ਕਿ ਹੁਣ ਸੂਬੇ ਭਰ ਵਿੱਚ ਬਾਦਲਾਂ ਦੇ ਹਮਾਇਤੀਆਂ ਵੱਲੋਂ ਚਲਾਏ ਜਾ ਰਹੇ ਕੇਬਲ ਮਾਫੀਆ ਦੀ ਵਾਰੀ ਹੈ, ਜਿਨ੍ਹਾਂ ਨੇ ਇਸ ਵਪਾਰ ਵਿੱਚ ਅਜਾਰੇਦਾਰੀ ਕਰਕੇ ਲੋਕਾਂ ਨੂੰ ਲੁੱਟਿਆ ਹੈ ਅਤੇ ਇਸ ਤਰ੍ਹਾਂ ਸੂਬੇ ਦੇ ਵਿੱਤੀ ਸਰੋਤਾਂ ਨੂੰ ਖ਼ਤਮ ਕਰ ਰਹੇ ਹਨ। ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨ ਲਈ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਨੀ ਆਉਂਦੀ ਕਿ ਇੱਕ ਸੱਚਾ ਪੰਜਾਬੀ ਇਸ ਫੈਸਲੇ ‘ਤੇ ਕਿਵੇਂ ਖੁਸ਼ ਹੋ ਸਕਦਾ ਹੈ ਕਿਉਂਕਿ ਪਿਛਲੇ ਇਕ ਸਾਲ ਦੌਰਾਨ ਦਿੱਲੀ ਦੀਆਂ ਸਰਹੱਦਾਂ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਚੱਲ ਰਹੇ ਅੰਦੋਲਨ ਵਿੱਚ ਲਗਭਗ 700 ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਕਿ ਬਰਨਾਲਾ ਵਿਧਾਨ ਸਭਾ ਹਲਕੇ ਦੇ ਸਰਵਪੱਖੀ ਵਿਕਾਸ ਲਈ 25 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ ਵਿੱਚੋ ਰਾਜਗੜ੍ਹ ਸੜਕ ਦੀ ਮੁਰੰਮਤ ਤੇ 22 ਫੁੱਟ ਚੌੜੀ ਕਰਨ ਤੋਂ ਇਲਾਵਾ ਹੋਰ ਸੜਕਾਂ ਦੇ ਨਵੀਨੀਕਰਨ ਦਾ ਕੰਮ ਵੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਮਹਿਲ ਕਲਾਂ ਵਿਖੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਇਸ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ 25 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਦੇ ਵਿਕਾਸ ‘ਤੇ 15 ਕਰੋੜ ਰੁਪਏ ਅਤੇ ਸੜਕਾਂ ਦੇ ਨਿਰਮਾਣ ਲਈ 10 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਨੇ ਮਹਿਲ ਕਲਾਂ ਨੂੰ ਸਬ-ਡਵੀਜ਼ਨ ਵਜੋਂ ਅਪਗ੍ਰੇਡ ਕਰਨ ਦੇ ਨਾਲ-ਨਾਲ ਇੱਥੇ ਇੱਕ ਆਈ.ਟੀ.ਆਈ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਭਦੌੜ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਵੀ 25 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਹਲਕੇ ਵਿੱਚ ਸਰਕਾਰੀ ਨਰਸਿੰਗ ਕਾਲਜ ਤੇ ਆਈ.ਟੀ.ਆਈ ਦੀ ਸਥਾਪਨਾ ਕਰਨ ਤੋਂ ਇਲਾਵਾ ਸਟੇਡੀਅਮ ਵੀ ਬਣਾਇਆ ਜਾਵੇਗਾ। ਤਪਾ ਦੇ ਜੰਮਪਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ‘ਆਪ’ ਬੁਰੀ ਤਰ੍ਹਾਂ ਡਰੀ ਅਤੇ ਘਬਰਾਈ ਹੋਈ ਹੈ, ਜਿਸ ਕਾਰਨ ਕੇਜਰੀਵਾਲ ਦੀ ਪਾਰਟੀ ਦੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਦੇ ਮੁਹੱਲਾ ਕਲੀਨਿਕਾਂ ਦਾ ਮਾਡਲ ਬੁਰੀ ਤਰ੍ਹਾਂ ਅਸਫਲ ਰਹਿਣ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਰੋਨਾ ਦੇ ਸਿਖਰ ਦੇ ਸਮੇਂ ਦੌਰਾਨ ਘੱਟੋ-ਘੱਟ 4,000 ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਦਿੱਲੀ ਤੋਂ ਪੰਜਾਬ ਆਏ ਸਨ। ਉਹਨਾਂ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਦਿੱਲੀ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਦੇਣ ਦੇ ਕੇਜਰੀਵਾਲ ਸਰਕਾਰ ਦੇ ਵੱਡੇ-ਵੱਡੇ ਦਾਅਵੇ ਨਾਕਾਮ ਸਾਬਤ ਹੋਏ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਅਤੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਹੀ ਮਾਅਨਿਆਂ ਵਿੱਚ ਆਮ ਲੋਕਾਂ ਦੀ ਸਰਕਾਰ ਮੁੱਖ ਮੰਤਰੀ ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੀ ਬਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਬਣੀ ਤਾਂ ਬਰਨਾਲਾ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਇੱਥੋਂ ਤੱਕ ਸਾਲ 2006 ਵਿੱਚ ਕਾਂਗਰਸ ਸਰਕਾਰ ਵੇਲੇ ਬਰਨਾਲ਼ਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ।ਸਮਾਗਮ ਵਿੱਚ ਸੰਸਦ ਮੈਂਬਰ ਮੁਹੰਮਦ ਸਦੀਕ ਤੋਂ ਇਲਾਵਾ ਕਾਂਗਰਸ ਦੇ ਕਈ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਸ਼ਾਮਲ ਸਨ।
4 PCS officers appointed Deputy Secretaries in CMO April 14, 2022April 14, 2022 New-orders News news patiala News-Punjab
covid vaccine schedule in Barnala Punjab: Barnala Live News January 20, 2022January 20, 2022 Covid News News-Punjab
10 ਮਾਰਚ ਨੂੰ ਵੋਟਾ ਦੀ ਗਿਣਤੀ ਲਈ ਤਿਆਰੀ ਮੁਕੰਮਲ: DC Malerkotla March 7, 2022March 7, 2022 ELECTIONS News-Punjab Patiala-Election-News