ਚੰਡੀਗੜ੍ਹ, 11 ਅਕਤੂਬਰ, 2021:
ਪੰਜਾਬ ਦੀ ਕੈਬਨਿਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਵੱਲੋਂ ਦਿੱਤਾ ਗਿਆ ਅਸਤੀਫ਼ਾ ਪਾਰਟੀ ਹਾਈਕਮਾਨ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਹੈ।
Patran City Police Chowki Incharge Suspended : Today News Patiala
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਕਮਾਨ ਨੇ ਉਨ੍ਹਾਂ ਨੂੰ ਵਾਪਸ ਆਪਣੇ ਅਹੁਦੇ ’ਤੇ ਜਾਣ ਅਤੇ ਕੈਬਨਿਟ ਮੀਟਿੰਗਾਂ ਵਿੱਚ ਸ਼ਾਮਲ ਹੋਣ ਸੰਬੰਧੀ ਸਲਾਹ ਦਿੱਤੀ ਸੀ ਜਿਸਨੂੰ ਮੰਨਦਿਆਂ ਸੋਮਵਾਰ 11 ਅਕਤੂਬਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਹਾਜ਼ਰੀ ਭਰੀ। ਇਸ ਤਰ੍ਹਾਂ ਚੰਨੀ ਕੈਬਨਿਟ ਦੀ ਅੱਜ ਦੀ ਹਾਜ਼ਰੀ ਫੁੱਲ ਬਟਾ ਫੁੱਲ ਰਹੀ।
ਯਾਦ ਰਹੇ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਮਗਰੋਂ ਪੈਦਾ ਹੋਏ ਸੰਕਟ ਦੌਰਾਨ ਸ: ਸਿੱਧੂ ਨੂੰ ਆਪਣੇ ਪਤੀ, ਸਾਬਕਾ ਡੀ.ਜੀ.ਪੀ. ਅਤੇ ਸ: ਸਿੱਧੂ ਦੇ ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ ਸ੍ਰੀ ਮੁਹੰਮਦ ਮੁਸਤਫ਼ਾ ਦੇ ਨਾਲ ਮਿਲਣ ਲਈ ਉਨ੍ਹਾਂ ਦੀ ਪਟਿਆਲਾ ਸਥਿਤ ਰਿਹਾਇਸ਼ ਪੁੱਜੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਮੌਕੇ ’ਤੇ ਹੀ ਕੈਬਨਿਟ ਮੰਤਰੀ ਵਜੋਂ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਅਤੇ ਉਸਤੋਂ ਬਾਅਦ ਹੋਈਆਂ ਕੈਬਨਿਟ ਮੀਟਿੰਗਾਂ ਦਾ ਹਿੱਸਾ ਨਹੀਂ ਬਣੇ ਸਨ ਪਰ ਅੱਜ ਹੋਈ ਮੀਟਿੰਗ ਵਿੱਚ ਉਨ੍ਹਾਂ ਨੇ ਸ਼ਮੂਲੀਅਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਸ: ਸਿੱਧੂ ਅਤੇ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਅਸਤੀਫ਼ਿਆਂ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸ: ਸਿੱਧੂ ਦੇ ਨਜ਼ਦੀਕੀ ਕੁਝ ਹੋਰ ਮੰਤਰੀ ਵੀ ਅਸਤੀਫ਼ੇ ਦੇ ਸਕਦੇ ਹਨ ਪਰ ਅਸਤੀਫ਼ਿਆਂ ਦਾ ਇਹ ਸਿਲਸਿਲਾ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਅਸਤੀਫ਼ੇ ’ਤੇ ਹੀ ਰੁਕ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਕਲ੍ਹ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਬੇਟੇ ਦੇ ਮੋਹਾਲੀ ਵਿਖ਼ੇ ਹੋਏ ਵਿਆਹ ਸਮਾਗਮ ਦੌਰਾਨ ਵੀ ਸ੍ਰੀਮਤੀ ਰਜ਼ੀਆ ਸੁਲਤਾਨਾ ਪੁੱਜੇ ਸਨ ਅਤੇ ਅੱਜ ਉਨ੍ਹਾਂ ਦੇ ਕੈਬਨਿਟ ਮੀਟਿੰਗ ਵਿੱਚ ਸ਼ਾਮਲ ਹੋ ਜਾਣ ਨਾਲ ਚੰਨੀ ਕੈਬਨਿਟ ਇਕ ਵਾਰ ਫ਼ਿਰ ਮੁਕੰਮਲ ਰੂਪ ਵਿੱਚ ਸਾਹਮਣੇ ਆਈ ਹੈ।