ਮੌਸਮ ਸਬੰਧੀ ਜਣਕਾਰੀ : ਅਗਾਮੀ ਦਿਨਾਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ

16 ਸ਼ਾਮ ਤੇ 17/18 ਅਕਤੂਬਰ ਨੂੰ  ਪੰਜਾਬ ਚ ਭਾਰੀ ਬਾਰਿਸ਼ ਦੀ ਉਮੀਦ, ਖਾਸਕਰ ਪੂਰਬੀ ਪੰਜਾਬ ਚ।

AVvXsEi4bQKK7HB nM8piiSNuyNwijLQX G4wtshg1O nw3KWfmIdS0pjf5lD -

17 ਅਕਤੂਬਰ ਨੂੰ ਠੰਡੀਆਂ ਤੇਜ ਪੂਰਬੀ ਹਵਾਵਾਂ ਨਾਲ ਪੰਜਾਬ ਦੇ ਅੱਧੇ ਤੋਂ ਵੱਧ ਇਲਾਕੇ ਚ ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਮੁੜ-ਮੁੜ ਬਣਦੇ ਰਹਿਣਗੇ ਤੇ ਸੰਘਣੀ ਬੱਦਲਵਾਹੀ ਹੇਠ ਲਗਾਤਾਰ ਭਾਰੀ ਬਾਰਿਸ਼ ਜਾਰੀ ਰਹੇਗੀ। 18 ਅਕਤੂਬਰ ਨੂੰ ਇਹ ਸਥਿਤੀ ਸਿਰਫ਼ ਪੂਰਬੀ ਪੰਜਾਬ ਤੱਕ ਸੀਮਿਤ ਰਹੇਗੀ। ਇਸ ਦੌਰਾਨ ਘੱਟੋ-ਘੱਟ ਪਾਰਾ 16-20°c ਤੇ ਵੱਧੋ-ਵੱਧ ਪਾਰਾ 22-25°c ਦਰਮਿਆਨ ਰਹੇਗਾ ਜਿਸ ਕਾਰਨ ਮੀਂਹ ਆਲੇ ਖੇਤਰ ਚ ਪੂਰੀ ਠੰਡ ਮਹਿਸੂਸ ਹੋਵੇਗੀ ਮੂੰਹ ਚੋ ਭਾਫ਼ ਨਿਕਲੇਗੀ।

ਚੰਡੀਗੜ੍ਹ, ਮੋਹਾਲੀ, ਰੋਪੜ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਅੰਬਾਲਾ, ਕੁਰਛੇਤਰ, ਕਰਨਾਲ, ਕੈਂਥਲ, ਯਮੁਨਾਨਗਰ, ਪੰਚਕੂਲਾ ਜਿਲ੍ਹਿਆਂ ਚ 17/18 ਅਕਤੂਬਰ ਨੂੰ ਭਾਰੀ ਤੋਂ ਭਾਰੀ ਬਾਰਿਸ਼ ਦੇ 80-90% ਆਸਾਰ ਹਨ, ਇੱਥੇ ਬਹੁਤੀਂ ਥਾਂ 50 ਤੋਂ 150 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ, 2-4 ਤਹਿਸੀਲਾਂ ਚ ਤਕੜੇ ਮਾਨਸੂਨੀ ਸਿਸਟਮ ਵਾਂਗੂ ਰਿਕਾਰਡਤੋੜ 200-300 ਮਿਲੀਮੀਟਰ ਮੀਂਹ ਵੀ ਵਰ੍ਹ ਸਕਦਾ ਹੈ।

ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਜਲੰਧਰ, ਮਲੇਰਕੋਟਲਾ, ਮਾਨਸਾ, ਬਰਨਾਲਾ, ਫ਼ਤਿਹਾਬਾਦ ਜਿਲ੍ਹਿਆਂ ਚ ਦਰਮਿਆਨੀ ਤੋਂ ਭਾਰੀ ਜਾਂ ਕਿਤੇ-ਕਿਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ ਜਿਲ੍ਹਿਆਂ ਚ ਬਹੁਤੀ ਥਾਂ 25 ਤੋਂ 100 ਮਿਲੀਮੀਟਰ ਤੱਕ ਬਾਰਿਸ਼ ਪੈਣ ਦੇ 60-70% ਆਸਾਰ ਹਨ।

ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਮੋਗਾ, ਬਠਿੰਡਾ, ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆ ਚ 40-50% ਆਸਾਰ ਹਨ। ਇਨ੍ਹਾਂ ਇਲਾਕਿਆਂ ਦੇ ਪੱਛਮੀ ਖੇਤਰਾਂ ਚ ਹਲਚਲ ਪੂਰਬ ਨਾਲੋੰ ਘੱਟ ਜਾਂ ਨਾ ਬਰਾਬਰ ਰਹਿ ਸਕਦੀ ਹੈ।

ਬਾਕੀ ਬਚੇ ਫਿਰੋਜ਼ਪੁਰ, ਮੁਕਤਸਰ ਸਾਹਿਬ, ਫਾਜ਼ਿਲਕਾ, ਸਿਰਸਾ, ਹਨੂੰਮਾਨਗੜ੍ਹ ਤੇ ਗੰਗਾਨਗਰ ਜਿਲ੍ਹਿਆਂ ਚ ਆਸਾਰ ਘੱਟ ਹਨ ਪਰ ਫਿਰ ਵੀ 16/17 ਅਕਤੂਬਰ ਨੂੰ ਕਿਤੇ-ਕਿਤੇ ਗਰਜ-ਲਿਸ਼ਕ ਵਾਲੇ ਬੱਦਲ ਫੁਹਾਰਾਂ ਦੇ ਸਕਦੇ ਹਨ।

ਪਰਸੋਂ ਬੰਗਾਲ ਦੀ ਖਾੜੀ ਤੋਂ ਨਮ ਪੂਰਬੀ ਹਵਾਵਾਂ ਪੰਜਾਬ ਦਾ ਰੁੱਖ ਕਰਨਗੀਆਂ ਜਾਣਕਿ 16 ਦੀ ਸ਼ਾਮ/ਦੇਰ ਸ਼ਾਮ ਕਿਤੇ-ਕਿਤੇ ਗਰਜ ਨਾਲ ਫੁਹਾਰਾਂ ਪੈ ਸਕਦੀਆਂ ਹਨ। 17/18 ਅਕਤੂਬਰ ਪੂਰਬੀ ਹਵਾਵਾਂ ਦਾ ਵਹਾਅ ਪੂਰਾ ਤੇਜ਼ ਰਹੇਗਾ, ਇਹ ਪੂਰਬੀ ਹਵਾਵਾਂ ਪੂਰਬੀ ਮਾਨਸੂਨੀ ਜੈਟ ਨਾਲ ਮਿਲ ਪੰਜਾਬ ਤੇ ਹਰਿਆਣੇ ਦੇ ਬਹੁਤੇ ਹਿੱਸਿਆਂ ਚ ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਬਣਾਉਣਗੀਆਂ। ਦੂਜੇ ਬੰਨਿਉ ਪੱਛਮੀ ਜੈਟ (ਉਪਰਲੇ ਲੈਵਲ ਤੇ ਠੰਡੀਆਂ/ਖੁਸ਼ਕ ਪੱਛਮੀ ਹਵਾਵਾਂ ) ਇਸ ਨਮੀਂ ਨੂੰ ਲਹਿੰਦੇ ਪੰਜਾਬ ਚ ਜਾਣ ਤੋੰ ਰੋਕੇਗੀ ਜੋਕਿ ਇੱਕ ਕੰਧ ਦਾ ਕੰਮ ਕਰੇਗੀ, ਇਹ ਕੰਧ ਪੱਛਮੀ ਪੰਜਾਬ ਜਾਂ ਫਿਰ ਕੇੰਦਰੀ ਪੰਜਾਬ ਤੇ ਬਣ ਸਾਰਾ ਮੀਂਹ ਪੂਰਬੀ ਹਿੱਸਿਆਂ ਚ ਢੇਰੀ ਕਰ ਸਕਦੀ ਹੈ। 

ਅਜਿਹਾ ਵਰਤਾਰਾ ਬੀਤੇ 3-4 ਵਰ੍ਹਿਆਂ ਚ ਦੋ ਵਾਰ 22-25 ਸਤੰਬਰ ਦੌਰਾਨ ਵਾਪਰ ਚੁੱਕਾ ਹੈ ਪਰ ਇਸ ਵਾਰ ਇਹ ਵਰਤਾਰਾ ਮਾਨਸੂਨ ਜਾਣ ਬਾਅਦ ਚੜ੍ਹਦੇ ਕੱਤਕ ਵਾਪਰਣ ਦੀ ਉਮੀਦ ਹੈ ਜੋਕਿ ਕਿਸੇ ਅਣਹੋਣੀ ਨਾਲੋੰ ਘੱਟ ਨਹੀਂ ਹੈ ਕਿਉਕਿ ਆਮ ਤੌਰ ਤੇ ਕੱਤਕ ਇੱਕ ਖੁਸ਼ਕ ਮਹੀਨਾ ਹੈ। ਇਤਿਹਾਸ ਚ ਅਜਿਹਾ 1-2 ਵਾਰੀ ਹੀ ਹੋਇਆ ਹੈ।

ਅਕਤੂਬਰ ਮੀਂਹ ਦੇ ਰਿਕਾਰਡ ਜੋਕਿ ਟੁੱਟ ਸਕਦੇ ਹਨ 

ਅਕਤੂਬਰ ਮਹੀਨੇ 24 ਘੰਟਿਆਂ ਚ ਸਭ ਤੋੰ ਵੱਧ ਮੀਂਹ ਦਾ ਰਿਕਾਰਡ ਲੁਧਿਆਣੇ ਕੋਲ ਹੈ (5 ਅਕਤੂਬਰ,1955 ਨੂੰ 354.3 ਮਿਲੀਮੀਟਰ ਮੀਂਹ ਦਰਜ਼ ਕੀਤਾ ਗਿਆ ਸੀ) ਪਰ ਜੇਕਰ ਆਪਾਂ ਅਕਤੂਬਰ ਦੂਜੇ ਅੱਧ ਜਾਂ ਕੱਤਕ ਦੀ ਗੱਲ ਕਰੀਏ ਤਾ ਇਸ ਸਮੇਂ ਦੌਰਾਨ ਜਿਆਦਾਤਰ ਰਿਕਾਰਡ ਤੋੜ ਮੀਂਹ 125-130 ਮਿਲੀਮੀਟਰ ਹਨ। 21ਵੀ ਸਦੀ ਚ ਸੰਨ 2004 ਚ 12 ਅਕਤੂਬਰ ਨੂੰ ਚੰਡੀਗੜ੍ਹ 129.6 ਮਿਲੀਮੀਟਰ ਦਾ ਰਿਕਾਰਡ ਦਰਜ ਹੈ।

#ਬਰਫ਼ਵਾਰੀ 

ਹਿਮਾਚਲ ਤੇ ਉਤਰਾਖੰਡ ਚ 4000-4500 ਮੀਟਰ ਤੋਂ ਉੱਚੇ ਪਹਾੜਾਂ ਤੇ ਬਰਫ਼ੀਲੇ ਤੂਫ਼ਾਨ ਨਾਲ ਭਾਰੀ ਤੋਂ ਭਾਰੀ ਰਿਕਾਰਡਤੋੜ ਬਰਫ਼ਵਾਰੀ ਹੋਵੇਗੀ। ਨੀਵੇਂ ਤੇ ਦਰਮਿਆਨੀ ਉਚਾਈ ਵਾਲੇ ਪਹਾੜਾਂ ਚ ਭਾਰੀ ਬਾਰਿਸ਼ ਕਾਰਨ ਬੱਦਲ ਫਟਣ ਵਰਗੀਆਂ ਘਟਨਾਵਾਂ ਵੇਖਣ ਨੂੰ ਮਿਲਣਗੀਆਂ

ਜੇਕਰ ਦੱਸੇ ਅਨੁਸਾਰ ਮੀਂਹ ਪੈ ਗਿਆ ਤਾਂ ਪੱਕੀ ਫ਼ਸਲ ਨੂੰ ਨੁਕਸਾਨ ਹੋਵੇਗਾ ਤੇ ਪਾਰੇ ਚ ਵੱਡੀ ਗਿਰਾਵਟ ਨਾਲ ਮੌਸਮ ਸਮੇੰ ਤੋਂ ਪਹਿਲਾ ਪੂਰਾ ਸੁਹਾਵਣਾ ਤੇ ਠੰਡਾ ਹੋ ਜਾਵੇਗਾ।

Leave a Reply

Your email address will not be published. Required fields are marked *