ਪਟਿਆਲਾ, 26 ਨਵੰਬਰ
ਮੰਨੀਆਂ ਮੰਗਾਂ ਲਾਗੂ ਕਰਵਾਉਣ ਤੇ ਹੋਰ ਮਸਲਿਆਂ ਦੇ ਹੱਲ ਲਈ ਕਈ ਦਿਨਾਂ ਤੋਂ ਸੰਘਰਸ਼ ਦੇ ਰਾਹ ਪਏ ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ 26 ਨਵੰਬਰ ਤੱਕ ਸੀ, ਪਰ ਪਾਵਰਕੌਮ ਪ੍ਰਬੰਧਨ ਦੇ ਅੜੀਅਲ ਵਤੀਰੇ ਕਰਕੇ ਇਸ ਨੂੰ 2 ਦਸੰਬਰ ਤੱਕ ਵਧਾ ਦਿੱਤਾ ਗਿਆ ਹੈ। ਸੰਘਰਸ਼ ਕਰਕੇ ਜਿਥੇ ਅਦਾਰੇ ਦੇ ਮੁੱਖ ਦਫਤਰ ਦਾ ਕੰਮ ਕਈ ਦਿਨਾਂ ਤੋਂ ਠੱਪ ਹੈ, ਉਥੇ ਹੀ ਕੈਸ਼ ਕਾਊਂਟਰਾਂ ਸਮੇਤ ਹੋਰ ਕਾਰਜ ਵੀ ਬੰਦ ਹਨ। ਇਸੇ ਦੌਰਾਨ ‘ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ’ ਨੇ ਅੱਜ ਗਿਆਰਵੇਂ ਦਿਨ ਵੀ ਪਾਵਰਕੌਮ ਦੇ ਹੈੱਡ ਆਫਿਸ ਦੇ ਤਿੰਨੇ ਗੇਟ ਬੰਦ ਕਰਕੇ ਧਰਨਾ ਦਿੱਤਾ। ਇਸ ਦੌਰਾਨ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਵੱਲੋਂ ਲਾਏ ਪੱਕੇ ਮੋਰਚੇ ਵਿੱਚ ਮ੍ਰਿਤਕ ਮੁਲਾਜ਼ਮ ਦੇ ਪਰਿਵਾਰਕ ਮੈਂਬਰ ਨੇ ਕਥਿਤ ਆਪਣੇ ਉਪਰ ਤੇਲ ਛਿੜਕ ਕੇ ਅੱਗ ਲਗਾਉਣ ਦਾ ਯਤਨ ਕੀਤਾ, ਜਿਸ ਨੂੰ ਸਾਥੀ ਪ੍ਰਦਰਸ਼ਨਕਾਰੀਆਂ ਨੇ ਰੋਕ ਦਿੱਤਾ।