1 ਜਨਵਰੀ, 2022:
ਨਵੇਂ ਸਾਲ ਦੀ ਆਮਦ ਮੌਕੇ ਨਤਮਸਤਕ ਹੋਣ ਵੱਡੀ ਗਿਣਤੀ ਵਿੱਚ ਪ੍ਰਸਿੱਧ ਵੈਸ਼ਨੋ ਦੇਵੀ ਮੰਦਿਰ ਪੁੱਜੇ ਸ਼ਰਧਾਲੂਆਂ ਵਿੱਚ ਭਗਦੜ ਮਚ ਗਈ ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਘਟਨਾ ਸਨਿਚਰਵਾਰ ਨੂੰ ਸਵੇਰੇ ਲਗਪਗ 2.45 ਵਜੇ ਵਾਪਰੀ। ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਵਿੱਚੋਂ ਕਈ ਦਰਸ਼ਨਾਂ ਲਈ ਲੋੜੀਂਦੀਆਂ ਸਲਿੱਪਾਂ ਤੋਂ ਬਿਨਾਂ ਹੀ ਅੰਦਰ ਜਾ ਵੜੇ ਜਿਸ ਨਾਲ ਭਗਦੜ ਮਚ ਗਈ। ਵੱਡੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਹਾਦਸਾ ਵਾਪਰ ਗਿਆ।
ਇਹ ਹਾਦਸਾ ਪਵਿੱਤਰ ਮੰਦਰ ਦੇ ਕੰਪਲੈਕਸ ਦੇ ਅੰਦਰ ਦਰਸ਼ਨਾਂ ਵਾਲੀ ਥਾਂ ਦੇ ਸਾਹਮਣੇ ਵਾਪਰਿਆ।
ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਸਥਿਤ ਇਸ ਪ੍ਰਸਿੱਧ ਤੀਰਥ ਅਸਥਾਨ ਅੰਦਰ ਵਾਪਰੇ ਇਸ ਹਾਦਸੇ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਾਦਸੇ ’ਤੇ ਡੂੰਘਾ ਦੁੱਖ ਜਤਾਉਂਦਿਆਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਸ੍ਰੀ ਮਨੋਜ ਸਿਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਕੇਂਦਰੀ ਮੰਤਰੀ ਸ੍ਰੀ ਜਤਿੰਦਰ ਸਿੰਘ ਸਥਿਤੀ ਦਾ ਜਾਇਜ਼ਾ ਲੈਣ ਲਈ ਖ਼ੁਦ ਵੈਸ਼ਨੋ ਦੇਵੀ ਲਈ ਰਵਾਨਾ ਹੋਏ ਹਨ।