Appeal Group Banking Officer DC Patiala |
ਪਟਿਆਲਾ, 21 ਦਸੰਬਰ,2021 – ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਹੈ ਕਿ ਬੈਂਕਾਂ ‘ਤੇ ਲੋਕਾਂ ਦੀਆਂ ਬਹੁਤ ਉਮੀਦਾਂ ਹੁੰਦੀਆਂ ਹਨ, ਇਸ ਲਈ ਸਮੂਹ ਬੈਕਿੰਗ ਅਧਿਕਾਰੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਹੋਏ, ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ। ਸੰਦੀਪ ਹੰਸ ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੀ ਜ਼ਿਲ੍ਹਾ ਪੱਧਰੀ ਰੀਵਿਯੂ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਕਰਵਾਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਖੇਤੀਬਾੜੀ ਸਮੇਤ ਸਵੈ-ਰੋਜ਼ਗਾਰ ਅਤੇ ਕਾਰੋਬਾਰ ਨੂੰ ਵਧਾਉਣ ਲਈ ਪ੍ਰਦਾਨ ਕੀਤੇ ਜਾਂਦੇ ਕਰਜ਼ਿਆਂ ਦੀ ਪ੍ਰਕ੍ਰਿਆ ਨੂੰ ਹੋਰ ਸੁਖਾਲਾ ਬਣਾਇਆ ਜਾਵੇ।
ਸੰਦੀਪ ਹੰਸ ਨੇ ਕਿਹਾ ਕਿ ਲੋਕਾਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਲਈ ਲੋੜਵੰਦ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ ਤੇ ਬੇਰੋਜ਼ਗਾਰਾਂ ਦਾ ਹੱਥ ਫੜਨ ਲਈ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਣ।
ਲੀਡ ਬੈਂਕ ਮੈਨੇਜਰ ਪ੍ਰਿਤਪਾਲ ਸਿੰਘ ਅਨੰਦ ਨੇ ਇਸ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਬੈਂਕਾਂ ਦੀ ਸੁਰੱਖਿਆ ਲਈ ਡੀ.ਐਸ.ਪੀ. ਸੁਰੱਖਿਆ ਵੱਲੋਂ ਸਮੀਖਿਆ ਸਮੇਤ ਵੱਖ-ਵੱਖ ਖੇਤਰਾਂ ‘ਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਵਿਸਥਾਰਤ ਸਮੀਖਿਆ ਕੀਤੀ ਗਈ। ਮੀਟਿੰਗ ‘ਚ ਆਰ.ਬੀ.ਆਈ. ਦੇ ਐਸ.ਐਸ. ਸਹੋਤਾ ਸਮੇਤ ਨਬਾਰਡ ਦੇ ਡੀ.ਡੀ.ਐਮ. ਪਰਮਿੰਦਰ ਨਾਗਰਾ ਨੇ ਵੀ ਭਾਗ ਲਿਆ ਅਤੇ ਆਰ.ਬੀ.ਆਈ. ਵੱਲੋਂ ਵਿਤੀ ਸਮਾਵੇਸ਼ਨ ਲਈ ਰਾਸ਼ਟਰੀ ਰਣਨੀਤੀ ਸਮੇਤ ਨਬਾਰਡ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਨਬਾਰਡ ਵੱਲੋਂ ਸਾਲ-2022-23 ਲਈ ਤਿਆਰ ਕੀਤਾ ਪੁਟੈਂਸ਼ਲ ਲਿੰਕਡ ਕ੍ਰੈਡਿਟ ਪਲਾਨ ਵੀ ਜਾਰੀ ਕੀਤਾ। ਮੀਟਿੰਗ ਦੌਰਾਨ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਮੌਜੂਦ ਸਨ।